Sukhwinder Kamboj
Quick Facts
Biography
ਸੁਖਵਿੰਦਰ ਕੰਬੋਜ ਅਮਰੀਕਾ ਵਾਸੀ ਪੰਜਾਬੀ ਕਵੀ ਅਤੇ ਅਮਰੀਕਾ ਤੋਂ ਪੰਜਾਬੀ ਸਾਹਿਤਕ ਅਦਾਰੇ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਦਾ ਚੇਅਰਮੈਨ ਹੈ।
ਜੀਵਨ ਬਿਓਰਾਂ
ਸੁਖਵਿੰਦਰ ਦਾ ਜਨਮ 11 ਦਸੰਬਰ 1952 ਨੂੰ ਸੁਲਤਾਨਪੁਰ ਲੋਧੀ ਵਿਚ ਹੋਇਆ। ਉਸਨੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ.(ਆਨਰਜ) ਕੀਤੀ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਖੋਜ ਕਰਨਲੱਗ ਪਿਆ, ਪਰ ਖੋਜ ਪੜ੍ਹਾਈ ਅਧੂਰੀ ਛੱਡ ਇਕ ਸਾਲ ਬਾਅਦ ਹੀ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਲੈਕਚਰਾਰ ਲੱਗ ਗਿਆ। ਫਿਰ 1979 ਤੋਂ 1984 ਤਕ ਸ਼ਿਵਾਲਕ ਕਾਲਜ ਨਯਾ ਨੰਗਲ ਵਿਖੇ ਲੈਕਚਰਾਰ ਰਿਹਾ। ਉਸਨੇ 4 ਜੁਲਾਈ 1984 ਨੂੰ ਅਮਰੀਕਾ ਚਲਿਆ ਗਿਆ ਅਤੇ ਉਥੋਂ ਦਾ ਹੀ ਵਾਸੀ ਬਣ ਗਿਆ।
ਲਿਖਤਾਂ
ਕਾਵਿ-ਪੁਸਤਕਾਂ
- ਨਵੇਂ ਸੂਰਜ ਕਾਵਿ-ਸੰਗ੍ਰਹਿ 1992
- ਜਾਗਦੇ ਅੱਖਰ
- ਉਮਰ ਦੇ ਇਸ ਮੋੜ ਤੀਕ। (ਉਸਦੇ ਸਮੁੱਚੇ ਕਾਵਿ ਦੀ ਸੰਪਾਦਿਤ ਪੁਸਤਕ)
- ਇਕੋ ਜਿਹਾ ਦੁੱਖ ਕਾਵਿ ਸੰਗ੍ਰਹਿ 2002
- ਜੰਗ, ਜਸ਼ਨ ਤੇ ਜੁਗਨੂੰ ਕਾਵਿ-ਸੰਗ੍ਰਹਿ 2017
ਕਾਵਿ ਵੰਨਗੀ
ਫਲੈਗ ਸਟੇਸ਼ਨ
ਮੈਂ ਇਕ ਫਲੈਗ ਸਟੇਸ਼ਨ ਹਾਂ
ਜਿਥੇ ਕੋਈ ਗੱਡੀ ਰੁਕਦੀ ਨਹੀਂ
ਸਿਰਫ ਗੁਜ਼ਰਦੀ ਹੈ
ਤੇ ਮੈਂ ਸਾਰਾ ਦਿਨ ਦੂਰ ਤਕ ਵਿਛੀ
ਰੇਲਵੇ ਲਾਈਨ ਵੱਲ ਤੱਕਦਾ ਹਾਂ।
ਮੇਰੇ ਨਸੀਬ ਵਿੱਚ
ਸੰਨਾਟੇ'ਚ ਗੁੰਮ ਹੁੰਦੇ
ਦਿਨ , ਮਹੀਨੇ , ਸਾਲ ਤੇ ਸਦੀਆਂ ਵੇਖਣਾ ਹੈ
ਜਦੋਂ ਕੋਈ ਗੱਡੀ ਆਉਂਦੀ ਹੈ
ਤਾਂ ਦਿਲ ਧੜ੍ਹਕਦਾ ਹੈ
ਕਿ ਹੁਣੇ ਕੋਈ ਮੁਸਾਫ਼ਿਰ ਉਤਰੇਗਾ
ਅੱਖਾਂ'ਚ ਲੈ ਕੇ ਬਰਸਾਤ ਦਾ ਮੌਸਮ
ਪਰ ਅਫਸੋਸ
ਗੱਡੀ ਮੈਨੂੰ ਬੀਆਬਾਨ ਦੇ ਹਵਾਲੇ ਕਰ ਕੇ
ਦੂਰ ਖੇਤਾਂ ਤੇ ਪੁਲਾਂ ਵੱਲ
ਕੱਲਮੁੱਕਲੀ ਨਿਕਲ ਜਾਂਦੀ ਹੈ
ਤੇ ਝੰਡੀ ਹਿਲਾਉਣ ਵਾਲਾ
ਸਟੂਲ ਤੇ ਬੈਠਾ ਉਹ ਵੇਖਦਾ ਰਹਿੰਦਾ ਹੈ
ਅਸੀਮ ਖਿਲਾਅ'ਚ ਗੁੰਮ ਹੁੰਦੀ ਲਾਈਨ
ਜੋ ਖੌਰੇ ਉਸ ਦੇਸ਼ ਵੀ ਜਾਂਦੀ ਹੋਵੇ
ਜਿਥੇ ਉਹਦੀਆਂ ਦਿਲ ਦੀਆਂ ਧੜ੍ਹਕਣਾਂ ਦਾ
ਜ਼ਿੰਦਾ ਸਾਜ਼ ਵੱਜਦਾ ਹੈ !
ਕਿੰਨਾ ਬਦਨਸੀਬ ਹਾਂ ਮੈਂ
ਕੋਈ ਪੰਛੀ ਵੀ ਮੇਰੇ ਤੇ ਆਲ੍ਹਣਾ ਨਹੀਂ ਪਾਉਂਦਾ
ਮੌਸਮ ਵੀ ਮੇਰੇ ਨਾਲ ਰੁਸਿਆ ਖੜ੍ਹਾ ਹੈ
ਹੁਣ ਜਦ ਵੀ ਕਦੀ ਪੰਛੀ ਪਰਵਾਜ਼ ਕਰਦੇ ਨੇ
ਤੇ ਮੇਰੇ ਦਿਲ ਦੇ ਸੱਖਣੇ ਚਿਰਾਗਾਂ ਨੂੰ
ਪੱਤਝੜ੍ਹ ਦੀ ਇੱਕ ਹੋਰ ਰੁੱਤ
ਅਮੀਨ ਕਹਿੰਦੀ ਹੈ
ਪਰ ਜਦ ਵੀ ਕਦੀ ਗੱਡੀ ਵਿੱਚ ਲੰਘ ਰਿਹਾ ਮੁਸਾਫ਼ਿਰ
ਮੇਰੇ ਵੱਲ ਝਾਕ ਕੇ ਆਖਦਾ ਹੈ
"ਇਸ ਦਾ ਕੀ ਹੈ ?
ਇਹ ਤੇ ਬਸ ਫਲੈਗ ਸਟੇਸ਼ਨ ਹੈ
ਜੀਹਦਾ ਕੰਮ ਕੇਵਲ ਲੰਘ ਰਹੀਆਂ ਗੱਡੀਆਂ ਨੂੰ
ਹਰੀ ਝੰਡੀ ਹੀ ਦੇਣਾ ਹੈ। "
ਤਾਂ ਮਨ ਲਹਿਰ ਦੀ ਇੱਕ ਕਾਂਗ ਤਰਦਾ ਹੈ
ਤੇ ਫਲੈਗ ਸਟੇਸ਼ਨ ਦਾ ਮੁਰਦਾ
ਮੈਥੋਂ ਵੱਖ ਹੋ ਕੇ ਖਿਲਾਅ ਨੂੰ ਪਰੇਸ਼ਾਨ ਕਰਦਾ ਹੈ।